ਮਾਧਵ ਨਾਗਦਾ ( अनुवाद : श्याम सुन्दर अग्रवाल)
ਸ਼ਹਿਰ ਵਿਚ ਪਿਛਲੇ ਦਿਨੀਂ ਹੋਈ ਚੋਰੀ ਦੀ ਚਰਚਾ ਅਜੇ ਤੱਕ ਲੋਕਾਂ ਦੀ ਜਬਾਨ ਉੱਪਰ ਚੜ੍ਹੀ ਹੋਈ ਹੈ। ਲਗਭਗ ਦੋ ਲੱਖ ਦੀ ਚੋਰੀ, ਤੇ ਉਹ ਵੀ ਪੁਲਿਸ ਥਾਣੇ ਤੋਂ ਸਿਰਫ ਸੌ ਗਜ ਦੀ ਦੂਰੀ ਤੇ! ਕੁਝ ਲੋਕ ਚੋਰਾਂ ਦੀ ਤਾਰੀਫ ਕਰਦੇ—‘ਵਾਹ! ਕੀ ਹੁਨਰ ਸੀ ਉਨ੍ਹਾਂ ਦੇ ਹੱਥਾਂ ’ਚ! ਅੱਖਾਂ ’ਚੋਂ ਸੁਰਮਾ ਚੁਰਾ ਕੇ ਲੈ ਜਾਣ ਤੇ ਕਿਸੇ ਨੂੰ ਪਤਾ ਵੀ ਨਾ ਲੱਗੇ!’
ਪਰੰਤੂ ਬਹੁਤੇ ਲੋਕ ਕਹਿੰਦੇ…‘ਅਜਿਹੀਆਂ ਅੱਖਾਂ ਤਾਂ ਸਿਪਾਹੀਆਂ ਦੀਆਂ ਹੀ ਬਣੀਆਂ ਹੁੰਦੀਆਂ ਨੇ ਕਿ ਸੁਰਮਾ ਨਿੱਕਲ ਜਾਣ ਤੇ ਵੀ ਨਾ ਖੁੱਲ੍ਹਣ।’
ਇਸ ਸਿਲਸਿਲੇ ਵਿਚ ਪਤਵੰਤੇ ਲੋਕਾਂ ਦੇ ਕਈ ਦਲ ਵਾਰੀ-ਵਾਰੀ ਐਸ.ਪੀ. ਸਾਹਿਬ ਨੂੰ ਮਿਲਣ ਗਏ। ਇਹਨਾਂ ਵਿੱਚੋਂ ਇਕ ਦਲ ਬੈਂਕ ਮੁਲਾਜ਼ਮਾਂ ਦਾ ਵੀ ਸੀ। ਬੈਂਕ ਮੁਲਾਜ਼ਮ ਇਸ ਲਈ ਗਏ ਕਿ ਜਿਸਦੇ ਚੋਰੀ ਹੋਈ ਸੀ, ਉਹ ਉਹਨਾਂ ਦਾ ਹੀ ਪੁਰਾਣਾ ਕੁਲੀਗ ਸੀ। ਖ਼ੈਰ, ਬੈਂਕ ਕਰਮਚਾਰੀਆਂ ਨੂੰ ਤਾਂ ਐਸ.ਪੀ ਸਾਹਿਬ ਨੇ ਚੰਗੀ ਝਾੜ ਪਾਈ —‘ਤੁਸੀਂ ਕਿਹੜਾ ਦੁੱਧ ਧੋਤੇ ਓਂ! ਤੁਹਾਡੇ ਕਾਰਨ ਈ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਹੁੰਦੇ ਹਨ। ਇਸਲਈ ਪੁਲਿਸ ਵਾਲਿਆਂ ਬਾਰੇ ਇਕ ਵੀ ਸ਼ਬਦ ਬੋਲਣ ਦਾ ਤੁਹਨੂੰ ਕੋਈ ਅਧਿਕਾਰ ਨਹੀਂ। ਦੁਬਾਰਾ ਨਾ ਆਉਣਾ ਮੇਰੇ ਕੋਲ।’
ਕੁਝ ਹੋਰ ਤਰ੍ਹਾਂ ਦੇ ਪਤਵੰਤੇ ਲੋਕਾਂ ਨੇ , ਜੋ ਐਸ. ਪੀ. ਸਾਹਿਬ ਨਾਲ ਉੱਠਣ-ਬੈਠਣ ਵਾਲਿਆਂ ਵਿੱਚੋਂ ਸਨ, ਇਕ ਰਾਇ ਰੱਖੀ, “ਐਸ. ਪੀ. ਸਾਹਬ! ਇਸ ਚੋਰੀ ਦੀ ਗੁੱਥੀ ਸੁਲਝਾਉਣ ਲਈ ਤੁਸੀਂ ਜੈਪੁਰ ਤੋਂ ਖੋਜੀ ਕੁੱਤੇ ਕਿਉਂ ਨਹੀਂ ਮੰਗਵਾਉਂਦੇ? ਜਨਤਾ ਦਾ ਧੀਰਜ ਹੁਣ ਜਵਾਬ ਦਿੰਦਾ ਜਾ ਰਿਹਾ ਹੈ।”
ਪਹਿਲਾਂ ਤਾਂ ਐਸ. ਪੀ. ਸਾਹਿਬ ਹੱਸੇ, ਜਿਸਦੇ ਦੋ ਅਰਥ ਸਨ। ਇਕ ਤਾਂ ਇਹ ਕਿ ਜਿਸ ਜਨਤਾ ਦੀ ਉਹ ਗੱਲ ਕਰ ਰਹੇ ਹਨ, ਉਹਦਾ ਧੀਰਜ ਕਦੇ ਖਤਮ ਨਹੀਂ ਹੁੰਦਾ। ਦੂਜਾ ਇਹ ਕਿ ਨਵੀਂ ਗੱਲ ਨੌਂ ਦਿਨ ਦੀ ਤੇ ਖਿੱਚੋਤਾਣ ਤੇਰ੍ਹਾਂ ਦਿਨ ਦੀ। ਪਰੰਤੂ ਲੋਕਾਂ ਸਾਹਣੇ ਉਹਨਾਂ ਤੀਜੀ ਹੀ ਗੱਲ ਰੱਖੀ। ਬੋਲੇ, “ਯਾਰ, ਖੋਜੀ ਕੁੱਤਿਆਂ ਬਾਰੇ ਸਿਪਾਹੀਆਂ ਦੀ ਰਾਇ ਠੀਕ ਨਹੀਂ ਹੈ। ਅਜਿਹੇ ਹੀ ਇੱਕ ਕੇਸ ’ਚ ਕੁੱਤੇ ਮੰਗਵਾਏ ਗਏ ਸਨ। ਪਰ ਇਹ ਬੇਵਫ਼ਾ ਜਾਨਵਰ ਸੁੰਘਦੇ-ਸੁੰਘਦੇ ਥਾਣੇ ’ਚ ਈ ਜਾ ਵੜੇ। ਉਦੋਂ ਤੋਂ ਅਸੀਂ ਲੋਕ ਕੁੱਤੇ ਮੰਗਵਾਉਣ ਦੇ ਪੱਖ ਵਿਚ ਨਹੀਂ ਹਾਂ।”
-0-