ਪੰਜਾਬੀ ਅਨੁਵਾਦ: ਰਵੀ ਪ੍ਰਭਾਕਰ
ਸਕ੍ਰਿਪਟ ਦੇ ਵਰਕੇ ਪਲਟਦਿਆਂ ਅਚਾਨਕ ਪ੍ਰੋਡਊਸਰ ਦੇ ਮੱਥੇ ਉੱਪਰ ਤਿਉੜੀਆਂ ਪੈ ਗਈਆਂ।ਕੋਲ ਬੈਠੇ ਨੌਜਵਾਨ ਲੇਖਕ ਵੱਲ ਮੁੜਦਿਆਂ ਉਹ ਭੜਕਿਆ,
“ਓ ਕੀ ਹੋ ਗਿਆ ਤੇਰੀ ਅਕਲ ਨੂੰ?”
“ਕੀ ਹੋਇਆ ਸਰਜੀ? ਕੋਈ ਗਲਤੀ ਹੋ ਗਈ ਮੈਥੋਂ?” ਲੇਖਕ ਨੇ ਹੈਰਾਨ ਹੁੰਦਿਆਂ ਪੁੱਛਿਆ।
“ਓਏ ਇਹਨੂੰ ਸ਼ਰਾਬ ਪੀਂਦਿਆਂ ਕਿਉਂ ਦਖਾਤਾ?”
“ਸਰ, ਜਿਹੜਾ ਬੰਦਾ ਪਾਰਟੀ ‘ਚ ਜਾਊ ਉਹ ਸ਼ਰਾਬ ਤਾਂ ਪਿਊਗਾ ਈ ਨਾl”
“ਨਹੀਂ ਓਏ ਨਹੀਂ! ਬਦਲ ਇਸ ਸੀਨ ਨੂੰl ਪ੍ਰੋਡਊਸਰ ਨੇ ਹੁਕਮਾਨਾ ਸੁਰ ਵਿੱਚ ਕਿਹਾ।“
“ਪਰ ਇਹ ਤਾਂ ਸਕ੍ਰਿਪਟ ਦੀ ਡਿਮਾਂਡ ਐl” ਉਹਨੇਂ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਗੋਲੀ ਮਾਰ ਸਕ੍ਰਿਪਟ ਨੂੰ, ਬਸ ਇਹ ਸੀਨ ਫਿਲਮ ‘ਚ ਨਹੀਂ ਹੋਣਾ ਚਾਹੀਦਾ।“
“ਪਰ ਸਰ, ਨਸ਼ਾ ਹੋਣ ਬਾਦ ਹੀ ਤਾਂ ਇਹਦਾ ਅਸਲੀ ਚਿਹਰਾ ਉਜਾਗਰ ਹੋਵੇਗਾ ਨਾl ਉਦੋਂ ਹੀ ਤਾਂ ਇਹਦੇ ਅੰਦਰ ਦੀ ਗੱਲ ਬਾਹਰ ਆਏਗੀ।“
“ਜੋ ਮੈਂ ਕਹਿਨਾਂ ਉਹ ਸੁਣ। ਇਹ ਬੰਦਾ ਪਾਰਟੀ ‘ਚ ਆਵੇਗਾ ਜ਼ਰੂਰ ਪਰ ਸ਼ਰਾਬ ਨਹੀਂ ਸਾਡਾ ਪਾਣੀ ਪੀਵੇਗਾ, ਕਿਉਂਕਿ ਇਸਨੂੰ ਅਸੀਂ ਧਾਰਮਿਕ ਬੰਦਾ ਦਿਖਾਣਾ ਹੈl”
“ਪਰ ਡ੍ਰਗਸ ਦਾ ਕਾਰੋਬਾਰ ਕਰਨ ਵਾਲਾ ਬੰਦਾ ਤੇ ਸ਼ਰਾਬ ਤੋਂ ਪਰਹੇਜ਼? ਇਹ ਕੀ ਗੱਲ ਬਣੀ?” ਲੇਖਕ ਦੀ ਆਵਾਜ਼ ਵਿਚ ਤਲਖ਼ੀ ਸੀl
“ਤੂੰ ਅਜੇ ਨਵਾਂ ਹੈਂ ਇਸ ਲਾਈਨ ਵਿੱਚl ਇਹਨੂੰ ਕਹਿੰਦੇ ਨੇ ਕਹਾਣੀ ਚ ਟਵਿਸਟ।“ ਪ੍ਰੋਡਊਸਰ ਦੇ ਚੇਹਰੇ ਤੇ ਖਚਾ ਜਿਹਾ ਹਾਸਾ ਫੈਲ ਗਿਆl
“ਜੇਕਰ ਇਹ ਧਾਰਮਿਕ ਬੰਦਾ ਹੈ ਤਾਂ ਫੇਰ ਉਸ ਰੇਪ ਸੀਨ ਦਾ ਕੀ ਬਣੂੰ?”
“ਓਏ ਯਾਰ! ਤੂੰ ਜ਼ਰੂਰ ਕੰਪਣੀ ਦਾ ਦਿਵਾਲਾ ਕਢਵਾਏਂਗਾ। ਆਪ ਵੇ ਮਰੇਂਗਾ ਤੇ ਮੈਨੂੰ ਵੀ ਮਾਰਵਾਏਂਗਾ। ਇਹੋ ਜਿਹਾ ਕੋਈ ਬੇਹੂਦਾ ਸੀਨ ਫਿਲਮ ਚ ਨਹੀਂ ਹੋਣਾ ਚਾਹੀਦਾ।“
“ਤਾਂ ਫੇਰ ਕਰੀਏ ਕੀ?” ਲੇਖਕ ਨੇ ਉਦਾਸ ਆਵਾਜ਼ ਵਿੱਚ ਪੁੱਛਿਆ।
“ਕਰਨਾ ਕੀ ਐ! ਸੋਚ ਕੁੱਝ ਚੰਗਾ ਜਿਹਾ। ਨਾਲੇ ਸਕ੍ਰਿਪਟ ਰਾਈਟਰ ਮੈਂ ਹਾਂ ਕਿ ਤੂੰ?” ਪ੍ਰੋਡਊਸਰ ਨੇਂ ਝਿੜਕਦਿਆਂ ਹੋਇਆਂ ਕਿਹਾ।
ਉਹ ਕੁਝ ਸਮਝਾਉਣ ਦੀ ਕੋਸ਼ਿਸ਼ ਕਰਨ ਹੀ ਲੱਗਿਆ ਸੀ ਕਿ ਪ੍ਰੋਡਊਸਰ ਸਕ੍ਰਿਪਟ ਦਾ ਇੱਕ ਪੰਨਾ ਓਹਦੇ ਅੱਗੇ ਸੁੱਟਦਿਆਂ ਹੋਇਆ ਚੀਕਿਆ,
“ਇਹ ਕੀ ਐ? ਇਹਨੂੰ ਅਪਣੇ ਮੁਲਕ ਦੇ ਖਿਲਾਫ਼ ਜ਼ਹਿਰ ਘੋਲਦਿਆਂ ਕਿਉਂ ਦਿਖਾ ਦਿੱਤਾ?”
“ਕਹਾਣੀ ਅਗੇ ਤੋਰਨ ਲਈ ਇਹ ਨਿਹਾਇਤ ਜ਼ਰੂਰੀ ਹੈ ਸਰl ਇਹੀ ਤਾਂ ਪੂਰੀ ਕਹਾਣੀ ਦਾ ਸਾਰ ਐl” ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ।
“ਸਾਰ-ਸੂਰ ਵੜ ਗਿਆ ਭਾਂਡੇ ‘ਚl ਅਕਲ ਨਾਲ ਕੱਮ ਲੈl ਇਹਨੂੰ ਮੁਲਕ ਦੀ ਬਜਾਏ ਪੁਲਿਸ ਤੇ ਪ੍ਰਸ਼ਾਸਨ ਦੀਆਂ ਜ਼ਿਆਦਤੀਆਂ ਦੇ ਖ਼ਿਲਾਫ਼ ਬੋਲਦਾ ਹੋਇਆ ਦਿਖਾ ਤਾਂ ਜੋ ਇਹਨੂੰ ਪਬਲਿਕ ਦੀ ਹਮਦਰਦੀ ਮਿਲੇ।“ ਪ੍ਰੋਡਊਸਰ ਨੇਂ ਥੋੜੇ ਜਿਹੇ ਨਰਮ ਲਹਿਜ਼ੇ ਵਿਚ ਉਸਨੂੰ ਸਮਝਾਉਂਦਿਆਂ ਕਿਹਾ।
“ਨਹੀਂ ਸਰ! ਇੰਝ ਕਰਨ ਨਾਲ ਤਾਂ ਇਸ ਆਦਮੀ ਦੀ ਇਮੇਜ ਹੀ ਬਾਦਲ ਜਾਏਗੀ। ਵਿਦੇਸ਼ ਵਿਚ ਬੈਠਾ ਇੱਕ ਮਾਫ਼ੀਆ ਡੌਨ ਜਿਹੜਾ ਸਾਡੇ ਦੇਸ਼ ਦੀ ਬਰਬਾਦੀ ਚਾਹੁੰਦਾ ਹੈl ਜਿਹੜਾ ਬੰਬ ਧਮਾਕੇ ਕਰਵਾ ਕੇ ਸੈਂਕੜਿਆਂ ਲੋਕਾਂ ਦੀ ਜਾਂ ਲੈ ਚੁੱਕਾ ਹੈ, ਓਹਦੇ ਲਈ ਲੋਕਾਂ ਦੀ ਹਮਦਰਦੀ ਪੈਦਾ ਕਰਨਾ ਤਾਂ ਸਰਾਸਰ ਪਾਪ ਹੈl” ਨੌਜਵਾਨ ਲੇਖਕ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ।
ਉਸਨੂੰ ਇਸ ਤਰਾਂ ਭੜਕਦਿਆਂ ਦੇਖ ਇੱਕ ਸਿਆਣਾ ਅਤੇ ਤਜੁਰਬੇਕਾਰ ਚਰਿਤ੍ਰ ਅਭਿਨੇਤਾ ਜਿਹੜਾ ਸਾਰੀ ਗੱਲ-ਬਾਤ ਗੌਰ ਨਾਲ ਸੁਨ ਰਿਹਾ ਸੀ, ਉੱਠ ਕੇ ਕੋਲ ਆਇਆ ਅਤੇ ਓਹਦੇ ਮੋਢੇ ਉੱਤੇ ਹੱਥ ਰੱਖਦਿਆਂ ਹੌਲੀ ਜਿਹੀ ਬੋਲਿਆ,
“ਰਾਈਟਰ ਸਾਬ! ਸਾਡੀ ਲਾਈਨ ‘ਚ ਇੱਕ ਚੀਜ਼ ਪਾਪ-ਪੁੰਨ ਤੋਂ ਵੀ ਵੱਡੀ ਹੁੰਦੀ ਹੈl”
“ਉਹ ਕੀ?” ਓਹਦੇ ਵੱਲ ਮੁੜਦਿਆਂ ਲੇਖਕ ਨੇ ਪੁੱਛਿਆl
“ਉਹ ਹੈ ਫਾਇਨਾਂਸ। ਫਿਲਮ ਬਣਾਉਣ ਲਈ ਪੁੰਨ ਨਹੀਂ ਪੈਸੇ ਚਾਹੀਦਾ ਹੁੰਦੈ, ਨਗਦ ਨਾਰਾਇਣ। ਸਮਝਿਆਂ ਕੁਝ?
“ਸਮਝਣ ਦੀ ਕੋਸ਼ਿਸ਼ ਕਰ ਰਿਹਾਂ ਸਰl” ਠੰਡਾ ਹੌਕਾ ਭਰਦਿਆਂ ਉਸਨੇ ਜਵਾਬ ਦਿੱਤਾ।
ਹਕ਼ੀਕ਼ਤ ਉਜਾਗਰ ਹੁੰਦਿਆਂ ਹੀ ਲੇਖਕ ਦੀਆਂ ਮੁੱਠੀਆਂ ਤਣਨ ਗਈਆਂ ਅਤੇ ਹੁਣ ਓਥੇ ਮੌਜੂਦ ਹਰੇਕ ਬੰਦਾ ਉਸਨੂੰ ਮਾਫੀਆ ਡੌਨ ਦਾ ਹਮਸ਼ਕਲ ਜਾਪ ਰਿਹਾ ਸੀl
—-