ਅੱਗ / ਅਸਗਰ ਵਜ਼ਾਹਤ
ਉਸ ਆਦਮੀ ਦੇ ਘਰ ਨੂੰ ਅੱਗ ਲੱਗੀ ਸੀ। ਉਹ ਆਪਣੇ ਪਰਿਵਾਰ ਸਮੇਤ ਅੱਗ ਨੂੰ ਬੁਝਾਉਣ ਦੇ ਯਤਨ ਕਰ ਰਿਹਾ ਸੀ ਪਰੰਤੂ ਅੱਗ ਭਿਆਨਕ ਸੀ, ਬੁਝਣ ਦਾ ਨਾਂ ਹੀ ਨਹੀਂ ਲੈ ਰਹੀ ਸੀ। ਏਵੇਂ ਲਗਦਾ ਸੀ ਜਿਵੇਂ ਕੋਈ ਸਦੀਆਂ ਤੋਂ ਲੱਗੀ ਹੋਈ ਅੱਗ ਹੈ, ਜਾਂ ਕਿਸੇ ਤੇਲ ਦੇ ਖੂਹ ਵਿਚ ਮਾਚਿਸ ਲਾ ਦਿੱਤੀ ਹੋਵੇ ਜਾਂ ਕੋਈ ਜਵਾਲਾਮੁਖੀ ਫੱਟ ਗਿਆ ਹੋਵੇ। ਆਦਮੀ ਨੇ ਆਪਣੀ ਪਤਨੀ ਨੂੰ ਕਿਹਾ, “ਏਵੇਂ ਦੀ ਅੱਗ ਤਾਂ ਅਸੀਂ ਕਦੇ ਦੇਖੀ ਨਹੀਂ ਸੀ।”
ਪਤਨੀ ਕਹਿਣ ਲੱਗੀ, “ਹਾਂ, ਕਿਉਂਕਿ ਅਜਿਹੀ ਅੱਗ ਤਾਂ ਸਾਡੇ ਢਿੱਡ ਵਿਚ ਲੱਗਿਆ ਕਰਦੀ ਹੈ। ਅਸੀਂ ਉਹਨੂੰ ਦੇਖ ਨਹੀਂ ਸਕਦੇ ਸੀ।”
ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਦੋ ਪੜ੍ਹੇ ਲਿਖੇ ਉੱਥੇ ਆ ਪਹੁੰਚੇ। ਆਦਮੀ ਨੇ ਉਨ੍ਹਾਂ ਨੂੰ ਕਿਹਾ, “ਵੀਰ ਜੀ, ਸਾਡੀ ਮਦਦ ਕਰੋ।” ਦੋਵਾਂ ਨੇ ਅੱਗ ਦੇਖੀ ਅਤੇ ਡਰ ਗਏ। ਕਹਿਣ ਲੱਗੇ, “ਦੇਖੋ, ਅਸੀਂ ਬੁੱਧੀਜੀਵੀ ਹਾਂ, ਲੇਖਕ ਹਾਂ, ਪੱਤਰਕਾਰ ਹਾਂ, ਅਸੀਂ ਤੇਰੀ ਅੱਗ ਬਾਰੇ ਜਾ ਕੇ ਲਿਖਦੇ ਹਾਂ।” ਉਹ ਦੋਵੇਂ ਚਲੇ ਗਏ।
ਕੁੱਝ ਸਮੇਂ ਮਗਰੋਂ ਉੱਥੇ ਇਕ ਹੋਰ ਆਦਮੀ ਆਇਆ। ਉਸ ਨੂੰ ਇਸ ਆਦਮੀ ਨੇ ਅੱਗ ਬੁਝਾਉਣ ਲਈ ਕਿਹਾ। ਉਹ ਬੋਲਿਆ, “ਅਜਿਹੀ ਅੱਗ ਤਾਂ ਮੈਂ ਕਦੇ ਨੀਂ ਦੇਖੀ…ਏਹਨੂੰ ਜਾਣਨ ਅਤੇ ਪਤਾ ਕਰਨ ਲਈ ਖੋਜ ਕਰਨੀ ਪਵੇਗੀ। ਮੈਂ ਆਪਣੀ ਖੋਜ ਸਮੱਗਰੀ ਲੈ ਕੇ ਆਉਂਦਾ ਹਾਂ, ਉਦੋਂ ਤਕ ਤੂੰ ਇਹ ਅੱਗ ਨਾ ਬੁੱਝਣ ਦੇਵੀਂ।” ਉਹ ਚਲਾ ਗਿਆ। ਆਦਮੀ ਤੇ ਉਹਦਾ ਪਰਿਵਾਰ ਫੇਰ ਅੱਗ ਬੁਝਾਉਣ ਵਿਚ ਜੁੱਟ ਗਏ, ਪਰ ਅੱਗ ਸੀ ਕਿ ਕਾਬੂ ਵਿਚ ਹੀ ਨਹੀਂ ਸੀ ਆ ਰਹੀ।
ਦੋਵੇਂ ਥੱਕ ਹਾਰ ਕੇ ਬਹਿ ਗਏ। ਕੁੱਝ ਸਮੇਂ ਮਗਰੋਂ ਉੱਥੇ ਇਕ ਹੋਰ ਆਦਮੀ ਆਇਆ। ਉਸ ਤੋਂ ਆਦਮੀ ਨੇ ਮਦਦ ਮੰਗੀ। ਉਸ ਆਦਮੀ ਨੇ ਅੱਗ ਦੇਖੀ। ਅੰਗਾਰੇ ਦੇੇਖੇ। ਉਹ ਬੋਲਿਆ, “ਇਹ ਦੱਸ ਕਿ ਤੂੰ ਅੰਗਾਰਿਆਂ ਦਾ ਕੀ ਕਰੇਗਾ?”
ਉਹ ਆਦਮੀ ਹੈਰਾਨ ਸੀ, ਕੀ ਬੋਲਦਾ।
ਆਇਆ ਹੋਇਆ ਆਦਮੀ ਬੋਲਿਆ, “ਮੈਂ ਅੰਗਾਰੇ ਲੈ ਜਾਵਾਂਗਾ।”
“ਸਿਰਫ਼ ਅੰਗਾਰੇ ਹੀ ਲੈਕੇ ਜਾਓਗੇ?”
“ਹਾਂ, ਠੰਢੇ ਹੋਣ ਤੋਂ ਬਾਅਦ….ਜਦੋਂ ਇਹ ਕੋਇਲੇ ਬਣ ਜਾਣਗੇ….।”
ਕੁਝ ਸਮੇਂ ਮਗਰੋਂ ਅੱਗ ਬੁਝਾਉਣ ਵਾਲੇ ਆ ਗਏ। ਉਨ੍ਹਾਂ ਨੇ ਅੱਗ ਦਾ ਜਿਹੜਾ ਭਿਆਨਕ ਰੂਪ ਦੇਖਿਆ ਤਾਂ ਹੋਸ਼ ਉੱਡ ਗਏ। ਉਨ੍ਹਾਂ ਦੇ ਕੋਲ ਜਿਹੜਾ ਪਾਣੀ ਸੀ ਉਹ ਅੱਗ ਕੀ ਬੁਝਾਉਂਦਾ। ਉਹਨੂੰ ਛਿੜਕਣ ਨਾਲ ਤਾਂ ਅੱਗ ਹੋਰ ਭੜਕ ਜਾਂਦੀ। ਫਾਇਰ ਬਿ੍ਰਗੇਡ ਵਾਲੇ ਚਿੰਤਾ ਵਿਚ ਡੁੱਬ ਗਏ। ਉਨ੍ਹਾ ਵਿਚੋਂ ਇਕ ਬੋਲਿਆ, “ਇਹ ਅੱਗ ਏਵੇਂ ਹੀ ਲੱਗੀ ਰਹੇ, ਇਸੇ ਵਿਚ ਦੇਸ਼ ਦੀ ਭਲਾਈ ਹੈ।”
“ਕਿਉਂ?” ਆਦਮੀ ਨੇ ਪੁੱਛਿਆ।
“ਇਸ ਕਰਕੇ ਕਿ ਇਸਨੂੰ ਬੁਝਾਉਣ ਦੇ ਲਈ ਪੂਰੇ ਦੇਸ਼ ਵਿਚ ਜਿੰਨਾਂ ਪਾਣੀ ਹੈ, ਉਹਦਾ ਅੱਧ ਚਾਹੀਦਾ ਹੋਵੇਗਾ।”
“ਪਰ ਮੇਰਾ ਕੀ ਹੋਵੇਗਾ?”
“ਦੇਖੋ, ਤੇਰਾ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆ ਜਾਵੇਗਾ। ਤੇਰੇ ਨਾਮ ਨਾਲ ਦੇਸ਼ ਦਾ ਨਾਮ ਵੀ….ਸਮਝੇ?”
ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਮਾਹਿਰਾਂ ਦੀ ਇਕ ਟੋਲੀ ਉੱਥੇ ਆ ਪਹੁੰਚੀ। ਉਹ ਅੱਗ ਦੇਖ ਕੇ ਬੋਲੇ, “ਏਨੀ ਭਿਅੰਕਰ ਅੱਗ…ਏਹਦਾ ਤਾਂ ਨਿਰਯਾਤ ਹੋ ਸਕਦਾ ਹੈ…ਵਿਦੇਸ਼ੀ ਮੁਦਰਾ ਆ ਸਕਦੀ ਹੈ…ਇਹ ਅੱਗ ਖਾੜੀ ਦੇ ਦੇਸ਼ਾਂ ਵਿਚ ਭੇਜੀ ਜਾ ਸਕਦੀ ਹੈ…।”
ਦੂਜੇ ਮਾਹਿਰ ਨੇ ਕਿਹਾ, “ਇਹ ਅੱਗ ਤਾਂ ਪੂਰੇ ਦੇਸ਼ ਦੇ ਵਾਸਤੇ ਸਸਤੀ ਊਰਜਾ ਦਾ ਸ੍ਰੋਤ ਬਣ ਸਕਦੀ ਹੈ।”
“ਊਰਜਾ ਦੀ ਤਾਂ ਬਹੁਤ ਘਾਟ ਹੈ ਦੇਸ਼ ਵਿਚ।”
“ਇਸ ਊਰਜਾ ਨਾਲ ਤਾਂ ਬਿਨਾਂ ਪੈਟਰੋਲ ਤੋਂ ਗੱਡੀਆਂ ਚਲ ਸਕਦੀਆਂ ਹਨ। ਇਹ ਊਰਜਾ ਦੇਸ਼ ਦੇ ਵਿਕਾਸ ਵਿਚ ਮਹਾਨ ਯੋਗਦਾਨ ਦੇ ਸਕਦੀ ਹੈ।”
“ਇਸ ਊਰਜਾ ਨਾਲ ਦੇਸ਼ ਵਿਚ ਏਕਤਾ ਵੀ ਸਥਾਪਿਤ ਹੋ ਸਕਦੀ ਹੈ। ਏਹਨੂੰ ਹੋਰ ਫੈਲਾ ਦਿਓ…।”
“ਫੈਲਾਉ।” ਉਹ ਆਦਮੀ ਚੀਕਿਆ।
“ਹਾਂ, ਵੱਡੇ–ਵੱਡੇ ਪੱਖੇ ਲਗਾਓ…ਤੇਲ ਪਾਓ ਤਾਂ ਕਿ ਇਹ ਅੱਗ ਫੈਲੇ।”
“ਪਰ ਮੇਰਾ ਕੀ ਹੋਵੇਗਾ?” ਉਹ ਆਦਮੀ ਬੋਲਿਆ।
“ਤੇਰਾ ਫਾਇਦਾ ਹੀ ਫਾਇਦਾ ਹੈ…ਤੇਰਾ ਨਾਮ ਤਾਂ ਦੇਸ਼ ਦੇ ਨਿਰਮਾਣ ਦੇ ਇਤਿਹਾਸ ਵਿਚ ਸੁਨਹਿਰੇ ਅੱਖਰਾਂ ਵਿਚ ਲਿਖਿਆ ਜਾਵੇਗਾ….ਤੂੰ ਨਾਇਕ ਹੈਂ।”
ਕੁਝ ਦਿਨਾਂ ਮਗਰੋਂ ਦੇਖਿਆ ਗਿਆ ਕਿ ਉਹ ਆਦਮੀ ਜਿਹਦੇ ਘਰ ਵਿਚ ਉਹਦੇ ਢਿੱਡ ਵਰਗੀ ਭਿਆਨਕ ਅੱਗ ਲੱਗੀ ਸੀ, ਅੱਗ ਨੂੰ ਭੜਕਾ ਰਿਹਾ ਹੈ, ਹਵਾ ਦੇ ਰਿਹਾ ਹੈ।
(ਅਨੁਵਾਦ: ਜਗਦੀਸ਼ ਰਾਏ ਕੁਲਰੀਆਂ– अनुवाद-जगदीश राय कुलरियाँ)
-0-