डॉ पूरन सिंह / ਡਾ. ਪੂਰਨ ਸਿੰਘ
पंजाबी अनुवाद : जगदीश राय कुलरियाँ
ਮੈਂ ਠਾਕੁਰ ਸਾਹਿਬ ਦੀ ਬਹੁਤ ਸੇਵਾ ਸੰਭਾਲ ਕੀਤੀ ਸੀ। ਕਿੰਨੀ ਹੀ ਵਾਰ ਤਾਂ ਆਪਣੀ ਜਾਨ ਤੇ ਖੇਡ ਕੇ ਦੁਸ਼ਮਣਾਂ ਤੋਂ ਉਨ੍ਹਾਂ ਦੀ ਜਾਨ ਬਚਾਈ ਸੀ। ਉਹ ਆਪਣੇ ਸਾਰੇ ਸਾਥੀਆਂ ਅਤੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਇਹੀ ਕਹਿੰਦੇ, “ਮੰਗੂਆਂ ਮੇਰਾ ਨੌਕਰ ਨਹੀਂ ਮੇਰਾ ਭਾਈ ਹੈ। ਕਈ ਵਾਰ ਤਾਂ ਮੈਨੂੰ ਅਜਿਹਾ ਲਗਦਾ ਹੈ ਕਿ ਇਹ ਜ਼ਿੰਦਗੀ ਇਸੇ ਦੀ ਦਿੱਤੀ ਹੋਈ ਹੈ। ਜੇਕਰ ਇਹ ਨਾ ਹੁੰਦਾ ਤਾਂ ਮੇਰੇ ਦੁਸ਼ਮਣਾਂ ਨੇ ਪਤਾ ਨਹੀਂ ਕਦੋਂ ਦਾ ਮੇਰਾ ਘੋਗਾ ਚਿੱਤ ਕਰਿਆ ਹੁੰਦਾ। ਮੈਂ ਇਹਦਾ ਰਿਣੀ ਹਾਂ।”
ਇਹ ਸੁਣ ਕੇ ਮੇਰਾ ਸੀਨਾ ਚੌੜਾ ਹੋ ਜਾਂਦਾ ਸੀ ਅਤੇ ਮੈਂ ਹੋਰ ਜਿਆਦਾ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਉਨ੍ਹਾਂ ਦੀ ਸੇਵਾ ਕਰਦਾ। ਇਕ ਦਿਨ ਉਹ ਜ਼ਿੱਦ ਕਰਨ ਲੱਗੇ, “ਮੰਗੂ ਅੱਜ ਮੈਂ ਬਹੁਤ ਖੁਸ਼ ਹਾਂ। ਅੱਜ ਤੂੰ ਜੋ ਵੀ ਮੰਗੇਗਾ, ਉਹੀ ਦੇਵਾਂਗਾ। ਅੱਜ ਤੂੰ ਮੈਥੋਂ ਮੇਰੀ ਹਵੇਲੀ ਤਕ ਮੰਗੇ ਤਾਂ ਵੀ ਦੇਵਾਂਗਾ। ਏਨਾ ਹੀ ਨਹੀਂ ਜੇ ਤੂੰ ਅੱਜ ਠੁਕਰਾਇਣ ਨੂੰ ਵੀ ਮੰਗੇ ਤਾਂ ਮੈਂ ਜਵਾਬ ਨਹੀਂ ਦਿੰਦਾ।”
“ਕ..ਕੀ! ਕੀ!! ਮਾਲਕ ਤੁਸੀਂ ਤਾਂ ਮੇਰੇ ਅੰਨਦਾਤਾ ਹੋ ਅਤੇ ਠੁਕਰਾਇਣ ਤਾਂ ਮੇਰੇ ਲਈ ਦੇਵੀ ਸਮਾਨ ਹੈ। ਤੁਸੀਂ ਮੇਰੇ ਤੇ ਪਾਪ ਨਾ ਚੜਾਓ।” ਮੈਂ ਹੱਥ ਜੋੜੀ ਖੜਿਆ ਸੀ।
“ਨਹੀਂ, ਮੰਗੂ ਅੱਜ ਮੰਗ ਲੈ..ਜੋ ਮੰਗਣਾ ਐ। ਮੈਂ ਦੇਵਾਂਗਾ। ਇਕ ਠਾਕੁਰ ਦਾ ਵਚਨ ਹੈ।” ਠਾਕੁਰ ਸਾਹਿਬ ਆਪਣੇ ਠਾਕੁਰਪੁਣੇ ਤੇ ਆ ਗਏ ਸਨ।
ਮੈਂ ਵੀ ਹਿੰਮਤ ਕੀਤੀ ਸੀ, “ਠਾਕੁਰ ਸਾਹਿਬ ਮੰਗਣਾ ਤਾਂ ਕੁਝ ਨਹੀਂ ਪਰ ਅੱਜ ਤਕ ਮੈਂ ਤੁਹਾਡੀ ਕੋਈ ਗੱਲ ਟਾਲੀ ਵੀ ਨਹੀਂ। ਤੁਹਾਡਾ ਹੁਕਮ ਮੇਰੇ ਲਈ ਰੱਬ ਦਾ ਹੁਕਮ ਰਿਹਾ। ਅੱਜ ਮੈਨੂੰ ਇਕ ਚੀਜ ਦੇ ਦਿਓ।”
“ਕੀ?”
“ਤੁਸੀਂ ਸਿਰਫ਼ ਇਕ ਦਿਨ ਦੇ ਲਈ ਮੰਗੂਆਂ ਵਿਹੜੇ ਵਾਲਾ ਬਣ ਜਾਓ।” ਮੇਰੇ ਅੰਦਰ ਸਦੀਆਂ ਤੋਂ ਛੁਪਿਆ ਦਰਦ ਪ੍ਰਗਟ ਹੋਣ ਲੱਗਿਆ ਸੀ।
“ਹਰਾਮਜਾਦੇ…ਕਮੀਣੇ…ਆ ਗਿਆ ਨਾ ਆਪਣੀ ਔਕਾਤ ਤੇ…ਜਿਹੜਾ ਮੈਂ ਨਹੀਂ ਦੇ ਸਕਦਾ, ਉਹੀ ਮੰਗਦਾ ਹੈ ਕੁੱਤੇ, ਮੇਰੀ ਜਾਨ ਮੰਗ ਲੈਂਦਾ ਪਰ….” ਫੇਰ ਕੀ ਸੀ ਠਾਕੁਰ ਸਾਬ੍ਹ ਨੇ ਮੈਨੂੰ ਸੋਟੀ ਨਾਲ ਕੁੱਟਣਾ ਸ਼ੂਰੂ ਕਰ ਦਿੱਤਾ ਤੇ ਰੁਕੇ ਹੀ ਨਹੀਂ ਸਨ। ਮੈਂ ਤੜਫ਼ ਰਿਹਾ ਸੀ ਅਤੇ ਠਾਕੁਰ ਸਾਹਿਬ ਲਗਭਗ ਪਾਗਲ ਹੋਈ ਜਾ ਰਹੇ ਸਨ, ਉਦੋਂ ਠਕੁਰਾਇਣ ਨੇ ਆ ਕੇ ਉਨ੍ਹਾਂ ਦਾ ਹੱਥ ਰੋਕ ਦਿੱਤਾ ਸੀ। ਜਿੱਥੋਂ ਤਕ ਮੈਨੂੰ ਯਾਦ ਹੈ, ਇਸ ਮਗਰੋਂ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੀ ਝੁੱਗੀ ਵਿਚ ਸੀ। ਮੇਰੀ ਪਤਨੀ ਮੇਰੇ ਸਰੀਰ ਤੇ ਸੇਕਾ ਦੇ ਰਹੀ ਸੀ। ਮੈਂ ਦਰਦ ਨਾਲ ਤੜਫ਼ ਰਿਹਾ ਸੀ ਤਾਂ ਮੇਰੀ ਪਤਨੀ ਨੇ ਪੁੱਛਿਆ, “ਆਖਿਰ ਹੋਇਆ ਕੀ ਸੀ?”
“ਕੁਝ ਨਹੀਂ ਠਾਕੁਰ ਆਪਣਾ ਵਚਨ ਹਾਰ ਗਿਆ।”
0-ਅਨੁਵਾਦ: ਜਗਦੀਸ਼ ਰਾਏ ਕੁਲਰੀਆਂ