ਚੈਂਪੀਅਨ / ਪਵਨ ਜੈਨ
ਦੌੜ ਸ਼ੁਰੂ ਹੀ ਹੋਣ ਵਾਲੀ ਸੀ, ਉਦੋਂ ਹੀ ਸਰਿਤਾ ਦੀ ਇੱਕ ਸਹੇਲੀ ਨੇ ਆ ਕੇ ਪੁੱਛਿਆ, “ਸਰਿਤਾ ਕੀ ਤੇਰੇ ਪੈਰ ਵਿਚ ਸੱਟ ਲੱਗੀ ਹੈ?”
“ਨਹੀਂ ਤਾਂ।”
“ਗੋਡੇ ਦੇ ਨੇੜੇ ਦੱਬਦੇ ਹੋਏ, ਏਧਰ, ਏਧਰ ਦੇਖ ਤੈਨੂੰ ਦਰਦ ਨਹੀਂ ਹੁੰਦਾ?”
“ਨਹੀਂ ਤਾਂ।”
“ਜ਼ਰੂਰ ਕੁੱਝ ਗੜਬੜ ਹੈ, ਤੈਨੂੰ ਦਰਦ ਵੀ ਨਹੀਂ ਹੋ ਰਿਹਾ।”
“ਨਹੀਂ ਤਾਂ, ਕਿਤੇ ਦਰਦ ਨਹੀਂ ਹੋ ਰਿਹਾ।”
“ਕੀ ਨਹੀਂ ਤਾਂ, ਨਹੀਂ ਤਾਂ, ਲਗਾ ਰੱਖੀ ਹੈ, ਇਹ ਗੋਡੇ ਦੇ ਥੱਲੇ ਦੇਖ ਨੀਲ ਜਿਹਾ ਪੈ ਗਿਆ ਹੈ, ਪੈਰ ਹਿਲਾ ਕੇ ਦੇਖ।”
“ਠੀਕ ਤਾਂ ਹੈ।”
ਉਦੋਂ ਹੀ ਦੂਜੀ ਸਹੇਲੀ ਨੇ ਪੁੱਛਿਆ, “ਕੀ ਹੋ ਗਿਆ ਸਰਿਤਾ ?”
“ਕੁੱਝ ਵੀ ਤਾਂ ਨਹੀਂ।”
“ਤੂੰ ਗਰਾਊਂਡ ਤੇ ਕੁਝ ਲੰਗੜਾ ਰਹੀ ਸੀ, ਮੈਂ ਤਾਂ ਤੁਰੰਤ ਕਹਿਣ ਲੱਗੀ ਸੀ।”
“ਨਹੀਂ, ਮੈਨੂੰ ਕੁਝ ਨਹੀਂ ਹੋਇਆ ਹੈ।”
“ਚੰਗਾ, ਖੜ੍ਹੀ ਹੋ ਕੇ ਦੇਖ, ਥੋੜ੍ਹਾ ਜਿਹਾ ਵਜ਼ਨ ਪਾ ਇਸ ਸੱਜੇ ਪੈਰ ਤੇ।”
“ਹਾਂ, ਕੁੱਝ ਲੱਗ ਤਾਂ ਰਿਹਾ ਹੈ।”
“ਤੂੰ ਬਿਲਕੁੱਲ ਸੀਰੀਅਸ ਨਹੀਂ ਹੈ, ਆਪਣੇ ਸਰੀਰ ਦੇ ਪ੍ਰਤੀ, ਬੱਸ ਇੱਕ ਹੀ ਜਨੂੰਨ।”
ਸਾਰਾ ਕੁੱਝ ਦੇਖ ਸੁਣ ਰਹੀ ਤੀਜੀ ਸਹੇਲੀ ਵੀ ਆ ਪਹੁੰਚੀ, “ਇਹ ਕਿਉਂ ਭੀੜ ਇਕੱਠੀ ਕੀਤੀ ਹੈ, ਕੀ ਹੋਇਆ ਸਾਡੀ ਚੈਂਪੀਅਨ ਨੂੰ?”
“ਗੋਡੇ ਵਿਚ ਕੁਝ ਸਮੱਸਿਆ ਹੈ, ਲਗਦਾ ਹੈ ਗਰੀਸ ਘੱਟ ਗਈ ਹੈ।”
“ਨੀ, ਸਰਿਤਾ ਥੋੜ੍ਹੀ ਭੱਜ ਕੇ ਤਾਂ ਦਿਖਾ।”
ਸਰਿਤਾ ਖੜ੍ਹੀ ਹੋਈ, “ਆਹ ਕੁੱਝ ਦਰਦ ਜਿਹਾ ਤਾਂ ਹੋ ਰਿਹਾ ਹੈ।”
ਮੁਕਾਬਲਾ ਸ਼ੁਰੂ ਹੋਣ ਦੀ ਘੰਟੀ ਵੱਜੀ।
“ਆਹ, ਊਈ, ਮੈਂ ਨਹੀਂ ਭੱਜ ਸਕਾਂਗੀ, ਇਸ ਸਾਲ ਭਾਗ ਨਹੀਂ ਲੈ ਸਕਾਂਗੀ।”
ਸਰਿਤਾ ਦੀਆਂ ਤਿੰਨਾਂ ਸਹੇਲੀਆਂ ਦੀਆਂ ਨਜ਼ਰਾਂ ਇੱਕ ਦੂਜੇ ਨਾਲ ਮਿਲੀਆਂ ਅਤੇ ਕੋਝਾ ਹਾਸਾ ਸਮੇਟਦੀਆਂ ਖੁਸ਼ ਹੁੰਦੀਆਂ ਉਹਨੂੰ ਇਕੱਲੀ ਛੱਡ ਕੇ ਜਾ ਰਹੀਆਂ ਹਨ।
ਹੜਬੜਾ ਕੇ ਚਾਦਰ ਸੁੱਟ ਖੜ੍ਹੀ ਹੋ ਗਈ ਸਰਿਤਾ।
“ਨਹੀਂ, ਮੈਂ ਕਮਜ਼ੋਰ ਨਹੀਂ ਹੋ ਸਕਦੀ, ਮੈਂ ਹੀ ਚੈਂਪੀਅਨ ਹਾਂ ਅਤੇ ਰਹਾਂਗੀ।”
(ਅਨੁਵਾਦ: ਜਗਦੀਸ਼ ਰਾਏ ਕੁਲਰੀਆਂ/अनुवाद-जगदीश राय कुलरियाँ)
-0-