ਕੁੜੀ ਦੀ ਗੱਲ / ਸੁਭਾਸ਼ ਨੀਰਵ
[ਅਨੁਵਾਦ: ਜਗਦੀਸ਼ ਰਾਏ ਕੁਲਰੀਆਂ] जगदीश राय कुलरियाँ]
ਮੁੰਡੇ ਅਤੇ ਉਸ ਦੇ ਪਰਿਵਾਰ ਦੇ ਚਾਰ ਪੰਜ ਜਣੇ ਛੋਟੇ ਜਿਹੇ ਫਲੈਟ ਦੀ ਬੈਠਕ ਵਿੱਚ ਸੋਫ਼ੇ ਅਤੇ ਕੁਰਸੀਆਂ ਤੇ ਜਦੋਂ ਬਿਰਾਜਮਾਨ ਹੋ ਗਏ ਤਾਂ ਕੁੜੀ ਵਾਲੇ ਪਾਸਿਓਂ ਮਾਂ, ਪਿਓ ਵੱਡੀ ਭੈਣ ਅਤੇ ਜਵਾਈ ਵੀ ਆ ਕੇ ਬੈਠ ਗਏ। ਸਵਾਗਤ ਤੋਂ ਬਾਦ ਨਿੱਕੀਆਂ ਨਿੱਕੀਆਂ ਰਸਮੀ ਗੱਲਾਂ ਦੋਵੇਂ ਪਾਸਿਆਂ ਤੋਂ ਹੋਣ ਲੱਗੀਆਂ। ਵਿੱਚ ਵਿਚਾਲੇ ਰੱਖੇ ਹੋਏ ਮੇਜ਼ ਤੇ ਇਸੇ ਦੌਰਾਨ ਬਿਸਕੁਟ, ਮਿਠਾਈ ਦੀਆਂ ਪਲੇਟਾਂ ਸਜ ਗਈਆਂ ਅਤੇ ਗਲਾਸਾਂ ਵਿਚ ਕੋਲਡ ਡਰਿੰਕ ਰੱਖ ਦਿੱਤਾ ਗਿਆ। ਕੁੜੀ ਦੀ ਵੱਡੀ ਭੈਣ ਨੇ ਅੱਗੇ ਵੱਧ ਕੇ ਕਿਹਾ – “ਕੁੱਝ ਲਓ ਨਾ…..।” ਤੇ ਖ਼ੁਦ ਵਰਤਾਉਣ ਲੱਗੀ। ਮੁੰਡੇ ਦੀ ਭਾਬੀ ਅਤੇ ਮਾਂ ਨੇ ਕਿਹਾ, “ਬੇਟੀ ਨੂੰ ਵੀ ਬੁਲਾ ਲਓ।”
ਕੁੜੀ ਸ਼ਰਮਾਉਂਦੀ ਹੋਏ ਆਈ ਅਤੇ ਸੋਫ਼ੇ ਦੇ ਇੱਕ ਖੂੰਜੇ ਵਿੱਚ ’ਕੱਠੀ ਹੋ ਕੇ ਬੈਠ ਗਈ।
ਦੋ ਚਾਰ ਰਸਮੀ ਜਿਹੇ ਪ੍ਰਸ਼ਨ ਮੁੰਡੇ ਦੀ ਮਾਂ ਅਤੇ ਭਾਬੀ ਨੇ ਕੁੜੀ ਨੂੰ ਕੀਤੇ। ਕੁੜੀ ਮੂੰਹ ਨੀਵਾਂ ਕਰ ਹੌਲੀ ਅਵਾਜ਼ ਵਿੱਚ ਜਵਾਬ ਦਿੰਦੀ ਰਹੀ। ਮੁੰਡੇ ਦਾ ਇਸ਼ਾਰਾ ਪਾ ਕੇ ਮਾਂ ਕਹਿਣ ਲੱਗੀ, “ਸਾਡਾ ਮੁੰਡਾ ਕੁੜੀ ਨਾਲ ਇਕੱਲਾ ਗੱਲ ਕਰਨਾ ਚਾਹੁੰਦਾ ਹੈ।” ਕੁੜੀ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ। ਵੱਡੀ ਭੈਣ ਮੁੰਡੇ-ਕੁੜੀ ਨੂੰ ਨਾਲ ਵਾਲੇ ਕਮਰੇ ਵਿੱਚ ਛੱਡ ਆਈ। ਕੁਝ ਹੀ ਸਮੇਂ ਬਾਦ ਮੁੰਡਾ ਬਾਹਰ ਆ ਕੇ ਮਾਂ ਅਤੇ ਭਾਬੀ ਦੇ ਕੰਨ ਵਿੱਚ ਕੁਝ ਕਹਿਣ ਲੱਗਾ। ਕੁੜੀ ਦੇ ਪਰਿਵਾਰ ਵਾਲਿਆਂ ਦੇ ਦਿਲ ਦੀ ਧੜਕਣ ਵਧ ਗਈ।
ਉਦੋਂ ਹੀ ਮੁੰਡੇ ਦੀ ਮਾਂ ਖੜੀ ਹੋਈ, ਕੁੜੀ ਦੇ ਕੋਲ ਗਈ। ਉਸ ਦਾ ਮੱਥਾ ਚੁੰਮਿਆ, ਸਿਰ ਤੇ ਪਿਆਰ ਨਾਲ ਹੱਥ ਫੇਰਿਆ ਅਤੇ ਉਸ ਦੀ ਝੋਲੀ ਵਿਚ ਸ਼ਗਨ ਪਾਉਂਦੇ ਹੋਏ ਕਹਿਣ ਲੱਗੀ, “ਬੇਟੀ ਤਾਂ ਹੁਣ ਸਾਡੀ ਹੋ ਗਈ ਜੀ। ਚਾਹੇ ਅੱਜ ਹੀ ਤੋਰ ਦਿਓ।”
ਕੁੜੀ ਦੇ ਪਰਿਵਾਰ ਵਾਲਿਆਂ ਦੇ ਚਿਹਰੇ ਚਮਕ ਉੱਠੇ।ਉਹਨਾਂ ਨੇ ਵੀ ਮੁੰਡੇ ਦੀ ਝੋਲੀ ਵਿੱਚ ਸ਼ਗਨ ਪਾਇਆ ਤਾਂ ਦੋਵੇਂ ਪੱਖ ਇਕ ਦੂਜੇ ਨੂੰ ਵਧਾਈਆਂ ਦੇਣ ਲੱਗੇ।
ਮੁੰਡੇ ਦੀ ਭਾਬੀ ਕਹਿਣ ਲੱਗੀ, “ਵਿਆਹ ਜਿਆਦਾ ਲੇਟ ਨਹੀਂ ਚਾਹੁੰਦੇ ਅਸੀਂ। ਆਉਂਦੇ ਫਰਵਰੀ ਮਹੀਨੇ ਦੀਆਂ ਤਿੰਨ ਤਾਰੀਕਾਂ ਨਿਕਲਦੀਆਂ ਨੇ – 7 ਫਰਵਰੀ, 18 ਫਰਵਰੀ ਅਤੇ 29 ਫਰਵਰੀ।”
ਮੁੰਡੇ ਦੀ ਮਾਂ ਕਹਿਣ ਲੱਗੀ, ਘਰ ਤੋਂ ਇਹੀ ਸੋਚ ਕੇ ਚੱਲੇ ਸੀ ਕਿ ਜੇ ਕੁੜੀ ਪਸੰਦ ਆ ਗਈ, ਤਾਂ ਨਾਲ ਦੀ ਨਾਲ ਤਾਰੀਕ ਵੀ ਪੱਕੀ ਕਰ ਲਵਾਂਗੇ। ਇਸ ਕਰਕੇ ਡੇਟਸ ਕਢਵਾ ਕੇ ਨਾਲ ਲੈ ਕੇ ਆਏ।”
ਬਹੁਤ ਦੇਰ ਤੋਂ ਚੁੱਪ ਬੈਠਿਆ ਮੁੰਡੇ ਦਾ ਪਿਤਾ ਬੋਲਿਆ, “ਜੀ ਸਾਡੀ ਸਭ ਦੀ ਇਹੀ ਰਾਇ ਬਣੀ ਹੈ ਕਿ ਵਿਆਹ 29 ਫਰਵਰੀ ਦਾ ਪੱਕਾ ਕੀਤਾ ਜਾਵੇ। ਇਹ ਸਾਨੂੰ ਠੀਕ ਵੀ ਬੈਠਦੀ ਹੈ।”
“ਨਹੀਂ …. ਨਹੀਂ 29 ਫਰਵਰੀ ਨਹੀਂ।” ਸਾਰਿਆਂ ਦੀ ਨਜ਼ਰਾਂ ਕੁੜੀ ਵੱਲ ਉੱਠੀਆਂ। ਪਹਿਲੀ ਵਾਰ ਕੁੜੀ ਗਰਦਨ ਚੁੱਕ ਕੇ ਥੋੜ੍ਹੀ ਉੱਚੀ ਅਵਾਜ਼ ਵਿਚ ਬੋਲੀ ਸੀ।
“ਕੀ, ਜੇ ਇਹ ਤਾਰੀਕ ਮੁੰਡੇ ਵਾਲਿਆਂ ਨੂੰ ਫਿੱਟ ਬੈਠਦੀ ਹੈ, ਤਾਂ ਕੀ ਇਤਰਾਜ਼ ਹੈ ਬੇਟੇ। ਮੁੰਡੇ ਵਾਲਿਆਂ ਦੀ ਗੱਲ ਦਾ ਮਾਣ ਵੀ ਰੱਖਣਾ ਹੁੰਦਾ ਹੈ।” ਕੁੜੀ ਦਾ ਪਿਤਾ ਥੋੜ੍ਹਾ ਜਿਹਾ ਰੁੱਖਾ ਹੋ ਕੇ ਬੋਲਿਆ।
ਮੁੰਡੇ ਦੀ ਛੋਟੀ ਭੈਣ ਹੱਸਦੇ ਹੋਏ ਭਾਈ ਨੂੰ ਸੰਬੋਧਨ ਹੁੰਦੇ ਹੋਏ ਕਹਿਣ ਲੱਗੀ “ਵੀਰੇ, ਭਾਬੀ ਨਹੀਂ ਚਾਹੁੰਦੀ ਕਿ ਵਿਆਹ ਦੀ ਵਰ੍ਹੇਗੰਢ ਚਾਰ ਸਾਲ ਵਿੱਚ ਇੱਕ ਵਾਰ ਆਵੇ…….।”
ਦੋਵੇਂ ਪੱਖ ਇਸ ਗੱਲ ਤੇ ਹੱਸਣ ਲੱਗੇ। ਕੁੜੀ ਉੱਠ ਕੇ ਨਾਲ ਦੇ ਕਮਰੇ ਵਿੱਚ ਚਲੀ ਗਈ। ਪਿੱਛੇ ਪਿੱਛੇ ਕੁੜੀ ਦੀ ਮਾਂ ਵੀ।
“ਮਾਂ, ਕੁੱਝ ਵੀ ਹੋਵੇ, ਏਹ ਤਾਰੀਕ ਪੱਕੀ ਨਾ ਕਰੋ।” ਕੁੜੀ ਨੇ ਮਾਂ ਵੱਲ ਦੇਖਦੇ ਹੋਏ ।
“ਪਰ ਕਿਉਂ ਬੇਟੀ?”
“ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ …. ਬੱਸ, ਇਹ ਡੇਟ ਮੈਨੂੰ ਸੂਟ ਨਹੀਂ ਕਰਦੀ।”
ਸਿਆਣੀ ਮਾਂ ਨੇ ਕੁੜੀ ਗੱਲ ਬੁੱਝ ਲਈ। ਉਸ ਨੇ ਮੁੰਡੇ ਦੀ ਮਾਂ ਅਤੇ ਭਾਬੀ ਨੂੰ ਇੱਕ ਪਾਸੇ ਲਿਜਾ ਕੇ ਗੱਲ ਕੀਤੀ, “ਗੱਲ ਇਹ ਹੈ ਭੈਣ ਜੀ ਕਿ ਮਹੀਨੇ ਦੇ ਇਹ ਆਖਰੀ ਦਿਨ ਕੁੜੀ ਨੂੰ ……..” ਮੁੰਡੇ ਦੀ ਮਾਂ ਮੰਦ ਮੰਦ ਮੁਸਕਰਾਈ; ਬੋਲੀ ਤੁਸੀਂ ਕੁੜੀ ਨੂੰ ਬੈਠਕ ਵਿੱਚ ਬੁਲਾਓ।
ਕੁੜੀ ਫੇਰ ਬੈਠਕ ਵਿੱਚ ਆ ਕੇ ਆਪਣੀ ਪਹਿਲੀ ਥਾਂ ਤੇ ਬੈਠ ਗਈ।
ਮੁੰਡੇ ਦੀ ਮਾਂ ਨੇ ਕੁੜੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ ਅਤੇ ਫੇਰ ਆਪਣੇ ਪਤੀ ਨੂੰ ਸੰਬੋਧਨ ਹੁੰਦੀ ਥੋੜ੍ਹੀ ਉੱਚੀ ਅਵਾਜ਼ ਵਿੱਚ ਕਹਿਣ ਲੱਗੀ, “ਸੁਣੋ ਜੀ ਵਿਆਹ 29 ਫਰਵਰੀ ਨਹੀਂ 18 ਫਰਵਰੀ ਦਾ ਪੱਕਾ ਸਮਝੋ। 29 ਫਰਵਰੀ ਦਾ ਦਿਨ ਵੀ ਕੋਈ ਦਿਨ ਹੈ ਭਲਾ?
“ਕਿਉਂ? 29 ਤਾਰੀਕ ਵਿੱਚ ਕੀ ਦਿੱਕਤ ਐ?” ਮੁੰਡੇ ਦਾ ਪਿਤਾ ਬੋਲਿਆ।
“ਤੁਸੀਂ ਨਹੀਂ ਸਮਝੋਗੇ ਜੀ। ਕੁੜੀ ਦੀ ਗੱਲ ਵੀ ਕੋਈ ਮਾਅਨੇ ਰੱਖਦੀ ਹੈ ਜਾਂ ਨਹੀਂ।” ਫੇਰ ਕੁੜੀ ਵਾਲਿਆਂ ਨੂੰ ਮੁਖ਼ਾਤਿਬ ਹੁੰਦਿਆਂ ਬੋਲੀ, “ਜੀ ਸਾਡੇ ਵੱਲੋਂ 18 ਫਰਵਰੀ ਡਨ। ਤੁਸੀਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰੋ।”
ਮੁੰਡੇ ਕੁੜੀ ਨੇ ਇੱਕ ਦੂਜੇ ਵੱਲ ਦੇਖਿਆ ਅਤੇ ਮੁਸਕਰਾ ਪਏ।
—