( पंजाबी)
अनुवाद( श्याम सुन्दर अग्रवाल)
ਕਿਸ਼ਤੀ ਚਲੀ ਜਾ ਰਹੀ ਸੀ।
ਦਰਿਆ ਵਿਚਕਾਰ ਜਾ ਕੇ ਮੱਲਾਹ ਨੇ ਕਿਹਾ, “ਕਿਸ਼ਤੀ ਵਿਚ ਵਜ਼ਨ ਜ਼ਿਆਦਾ ਹੈ। ਜੇਕਰ ਇਕ ਆਦਮੀ ਘੱਟ ਹੋ ਜਾਵੇ ਤਾਂ ਚੰਗਾ ਹੈ, ਨਹੀਂ ਤਾਂ ਕਿਸ਼ਤੀ ਡੁੱਬ ਜਾਵੇਗੀ।”
ਹੁਣ ਘੱਟ ਹੋ ਜਾਵੇ ਤਾਂ ਕਿਹੜਾ ਘੱਟ ਹੋ ਜਾਵੇ? ਕਈ ਲੋਕ ਤਾਂ ਤੈਰਨਾ ਵੀ ਨਹੀਂ ਜਾਣਦੇ ਸਨ। ਜਿਹੜੇ ਜਾਣਦੇ ਸਨ, ਉਹਨਾਂ ਲਈ ਵੀ ਦੂਜੇ ਪਾਰ ਜਾਣਾ ਖੇਡ ਨਹੀਂ ਸੀ।
ਕਿਸ਼ਤੀ ਵਿਚ ਹਰ ਤਰ੍ਹਾਂ ਦੇ ਲੋਕ ਸਨ—ਡਾਕਟਰ, ਅਫਸਰ, ਵਕੀਲ, ਵਪਾਰੀ, ਕਾਰਖਾਨੇਦਾਰ, ਪੁਜਾਰੀ ਤੋਂ ਇਲਾਵਾ ਆਮ ਆਦਮੀ ਵੀ।
ਡਾਕਟਰ, ਵਕੀਲ ਵਪਾਰੀ—ਇਹ ਸਭ ਚਾਹੁੰਦੇ ਸਨ ਕਿ ਆਮ ਆਦਮੀ ਪਾਣੀ ਵਿਚ ਛਲਾਂਗ ਲਾ ਦੇਵੇ। ਉਹ ਤੈਰ ਕੇ ਪਾਰ ਜਾ ਸਕਦਾ ਹੈ, ਅਸੀਂ ਨਹੀਂ।
ਉਹਨਾਂ ਨੇ ਆਮ ਆਦਮੀ ਨੂੰ ਛਲਾਂਗ ਲਾਉਣ ਲਈ ਕਿਹਾ ਤਾਂ ਉਸਨੇ ਨਾਂਹ ਕਰ ਦਿੱਤੀ। ਉਹ ਬੋਲਿਆ, “ਮੈਂ ਜਦੋਂ ਕਦੇ ਵੀ ਡੁੱਬਣ ਲਗਦਾ ਹਾਂ ਤਾਂ ਤੁਹਾਡੇ ਵਿੱਚੋ ਕੋਣ ਮੇਰੀ ਮਦਦ ਲਈ ਦੌੜਦਾ ਹੈ, ਜੋ ਮੈਂ ਤੁਹਾਡੀ ਗੱਲ ਮੰਨਾਂ?”
ਜਦੋਂ ਬਹੁਤ ਮਨਾਉਣ ਤੇ ਵੀ ਆਮ ਆਦਮੀ ਨਹੀਂ ਮੰਨਿਆਂ ਤਾਂ ਇਹ ਲੋਕ ਨੇਤਾ ਕੋਲ ਗਏ, ਜੋ ਇਹਨਾਂ ਸਭਨਾਂ ਤੋਂ ਵੱਖਰਾ ਇਕ ਪਾਸੇ ਬੈਠਾ ਸੀ। ਇਹਨਾਂ ਨੇ ਸਭ ਕੁਝ ਨੇਤਾ ਨੂੰ ਦੱਸਣ ਬਾਦ ਕਿਹਾ, “ਆਮ ਆਦਮੀ ਸਾਡੀ ਗੱਲ ਨਹੀਂ ਮੰਨੇਗਾ ਤਾਂ ਅਸੀਂ ਉਹਨੂੰ ਫੜ ਕੇ ਦਰਿਆ ਵਿਚ ਸੁੱਟ ਦਿਆਂਗੇ।”
ਨੇਤਾ ਨੇ ਕਿਹਾ, “ਨਹੀਂ, ਨਹੀਂ, ਇਸ ਤਰ੍ਹਾਂ ਕਰਨਾ ਭੁੱਲ ਹੋਵੇਗੀ। ਆਮ ਆਦਮੀ ਨਾਲ ਅਨਿਆਂ ਹੋਵੇਗਾ। ਮੈਂ ਦੇਖਦਾ ਹਾਂ ਉਸ ਨੂੰ। ਮੈਂ ਭਾਸ਼ਣ ਦਿਆਂਗਾ, ਉਸ ਦੇ ਨਾਲ ਤੁਸੀਂ ਲੋਕ ਵੀ ਸੁਣੋ।”
ਨੇਤਾ ਨੇ ਜੋਸ਼ੀਲਾ ਭਾਸ਼ਣ ਦੇਣਾ ਸ਼ੁਰੂ ਕੀਤਾ, ਜਿਸ ਵਿਚ ਦੇਸ਼, ਇਤਿਹਾਸ, ਪਰੰਪਰਾ ਦੀ ਗਾਥਾ ਗਾਉਂਦੇ ਹੋਏ ਦੇਸ਼ ਲਈ ਕੁਰਬਾਨੀ ਦੇਣ ਵਾਸਤੇ ਲਲਕਾਰਦਿਆਂ ਹੱਥ ਉੱਪਰ ਉਠਾਉਂਦਿਆਂ ਕਿਹਾ, “ਅਸੀਂ ਮਰ ਮਿਟਾਂਗੇ, ਪਰ ਆਪਣੀ ਕਿਸ਼ਤੀ ਨਹੀਂ ਡੁੱਬਣ ਦਿਆਂਗੇ…ਨਹੀਂ ਡੁੱਬਣ ਦਿਆਂਗੇ…ਨਹੀਂ ਡੁੱਬਣ ਦਿਆਂਗੇ…!”
ਇਹ ਸੁਣਕੇ ਆਮ ਆਦਮੀ ਏਨੇ ਜੋਸ਼ ਵਿਚ ਆ ਗਿਆ ਕੇ ਉਸਨੇ ਦਰਿਆ ਵਿਚ ਛਲਾਂਗ ਲਾ ਦਿੱਤੀ।
-0-