ਅੰਜਲੀ ਗੁਪਤਾ ‘ਸਿਫ਼ਰ’/ अंजलि गुप्ता सिफ़र
ਅੰਜਲੀਗੁਪਤਾ‘ਸਿਫ਼ਰ’/ अंजलि गुप्ता सिफ़र-(पंजाबी अनुवाद : योगराज प्रभाकर)
“ਛੱਪ!” ਉਸਨੂੰ ਥੋੜੀ ਉਚਾਈ ਤੋਂ ਛੋਟੇ-ਜਿਹੇ ਅਤੇ ਸੋਹਣੇ-ਜਿਹੇ ਤਲਾਬ ਵਿੱਚ ਸੁੱਟਿਆ ਗਿਆ, ਜਿੱਥੇ ਛੋਟੇ-ਛੋਟੇ ਪਲਾਸਟਿਕ ਦੇ ਰੁਖ ਲੱਗੇ ਹੋਏ ਸਨl ਇੱਕ ਖੂੰਜੇ ਵਿੱਚ ਪਲਾਸਟਿਕ ਦਾ ਗੁੱਡਾ ਪਾਣੀ ਦੇ ਬੁਲਬੁਲੇ ਕੱਢ ਰਿਹਾ ਸੀl ਓਹ ਰੋਣਾ ਭੁੱਲਕੇ ਅੱਖਾਂ ਮਲਦੀ ਹੋਈ ਇਹ ਨਜ਼ਾਰਾ ਵੇਖਣ ਲੱਗ ਪਈl ਓਦੋਂ ਹੀ ਇੱਕ ਸੋਹਣੀ-ਜਿਹੀ ਮੱਛੀ ਆ ਗਈl
“ਹੈਲੋ! ਕੀ ਨਾਂ ਹੈ ਤੇਰਾ? ਜੀ ਆਇਆਂ ਨੂੰ!”
“ਮੈਂl… ਮੈਂl… ਗੋਲਡੀ… ਗੋਲਡਨ-ਮੱਛੀ ਹਾਂ… ਇਹ ਮੈਂ ਕਿੱਥੇ ਆ ਗਈ?”
“ਇਹ ਇਕਵੇਰੀਅਮ ਹੈl ਮੈਂ ਕਾਰਪ-ਮੱਛੀ ਹਾਂ, ਮੀਨੂੰ ਆਖਦੇ ਨੇ ਸਾਰੇ ਮੈਨੂੰl ਆਪਾਂ ਐਥੇ ਬਹੁਤ ਮਸਤੀ ਕਰਾਂਗੇl ਤੈਨੂੰ ਭੁਖ ਲੱਗੀ ਐ? ਲੈ, ਖਾਣਾ ਖਾl”
“ਵਾਹ!” ਗੋਲਡੀ ਬਹੁਤ ਸੁਆਦ ਲੈ-ਲੈ ਕੇ ਛੋਟੀਆਂ-ਛੋਟੀਆਂ ਗੋਲੀਆਂ ਖਾਣ ਲੱਗ ਪਈl
ਇਹ ਸਭ ਚੇਤੇ ਕਰਦਿਆਂ-ਕਰਦਿਆਂ ਗੋਲਡੀ ਵਰਤਮਾਨ ਵਿੱਚ ਵਾਪਸ ਪਰਤ ਆਈ, ਕਿਉਂਕਿ ਅੱਜ ਵੀ ਉਸਨੂੰ ਬਹੁਤ ਭੁਖ ਲੱਗੀ ਹੋਈ ਸੀl ਵੈਸੇ ਮੀਨੂੰ ਉਸਦਾ ਬਹੁਤ ਖਿਆਲ ਰਖਦੀ ਸੀl ਮੀਨੂੰ ਨਾਲ ਚੰਗਾ ਸਮਾਂ ਬੀਤ ਰਿਹਾ ਸੀ ਉਸਦਾl ਓਹ ਦੋਵੇਂ ਰੱਜ ਕੇ ਗੱਲਾਂ ਕਰਦੀਆਂ ਅਤੇ ਸਾਰਾ ਦਿਨ ਨੱਚ-ਟੱਪ ਵਿੱਚ ਹੀ ਲੰਘਾ ਦਿਂਦੀਆਂl
“ਆਪਣੇ ਤੋਂ ਇਲਾਵਾ ਇਸ ਘਰ ਵਿੱਚ ਸਭ ਕੁਝ ਨਕਲੀ ਐ ਮੀਨੂੰ। ਫੁੱਲ, ਬੂਟੇ ਅਤੇ ਓਹ ਖੂੰਜੇ ‘ਚ ਪਿਆ ਕੁੱਤਾ ਵੀl”
“ਹਾਂ ਗੋਲਡੀ! ਇਨਸਾਨ ਦਾ ਵੱਸ ਚਲੇ ਤਾਂ ਓਹ ਆਪਣਾ ਵੀ ਪੁਤਲਾ ਬਣਾ ਲਵੇl”
“ਤੂੰ ਬੋਰ ਨੀ ਸੀ ਹੁੰਦੀ ਮੇਰੇ ਆਉਣ ਤੋਂ ਪਹਿਲਾਂ?”
“ਨਹੀਂ-ਨਹੀਂ! ਮੈਂ ਸਾਰਾ ਦਿਨ ਇਨ੍ਹਾਂ ਲੋਕਾਂ ਨੂੰ ਵੇਖਦੀ ਸੀ, ਉਨ੍ਹਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਸੀl ਬਹੁਤ ਮਜ਼ੇਦਾਰ ਹੁੰਦੀਆਂ ਨੇ ਇਨ੍ਹਾਂ ਦੀਆਂ ਗੱਲਾਂl ਤੈਨੂੰ ਪਤੈ ਮੱਛੀ ਨੂੰ ਮੀਨ ਵੀ ਆਖਦੇ ਨੇ, ਇਸੇ ਲਈ ਮੇਰਾ ਨਾਮ ਮੀਨੂੰ ਪੈ ਗਿਆl”
“ਵਾਹ! ਤੂੰ ਤਾਂ ਬਹੁਤ ਕੁਝ ਜਾਣਦੀ ਐਂ, ਪਰ ਇਹ ਲੋਕ ਇੱਕ-ਦੂਜੇ ਨਾਲ ਤਾਂ ਗੱਲਬਾਤ ਕਰਦੇ ਹੀ ਨਹੀਂl”
“ਹਾਂ! ਇੱਕ-ਦੂਜੇ ਨਾਲ ਤਾਂ ਘੱਟ ਹੀ ਗੱਲਬਾਤ ਕਰਦੇ ਨੇ ਪਰ ਮੋਬਾਇਲ ‘ਤੇ ਬਹੁਤ ਗੱਲਾਂ ਕਰਦੇ ਨੇl ਜਾਂ ਫੇਰ ਮੋਬਾਇਲ ਅਤੇ ਟੀਵੀ ‘ਤੇ ਕੁਝ ਦੇਖਦੇ ਰਹਿੰਦੇ ਨੇl ਇਹ ਸਾਰੀ ਸਮਝਦਾਰੀ ਓਥੋਂ ਹੀ ਸਿਖੀ ਐ ਮੈਂl”
“ਇੱਕ ਹਫਤੇ ‘ਤੋਂ ਘਰ ਕਿੰਨਾ ਸੁੰਨਾ-ਸੁੰਨਾ ਐ ਨਾ? ਸਾਰੇ ਚਲੇ ਗਏl ਸਾਡੇ ਲਈ ਖਾਣਾ-ਦਾਣਾ ਵੀ ਛੱਡ ਕੇ ਨਹੀਂ ਗਏl ਹੁਣ ਆਪਾਂ ਕੀ ਖਾਵਾਂਗੇ?” ਗੋਲਡੀ ਰੋਣਹਾਕੀ ਹੋ ਗਈl
“ਤੇਰਾ ਤਾਂ ਪਤਾ ਨੀ; ਪਰ ਮੈਂਨੂੰ ਪਤਾ ਐ ਕਿ ਮੈਨੂੰ ਕੀ ਕਰਨਾ ਚਾਹੀਦੈl ਇਹ ਮੈਂ ਉਨ੍ਹਾਂ ਤੋਂ ਜ਼ਰੂਰ ਸਿਖਿਆ ਹੈl” ਗੋਲਡੀ ਦੀਆਂ ਅੱਖਾਂ ਵੱਲ ਦੇਖਦਿਆਂ ਮੀਨੂੰ ਨੇ ਕਿਹਾl
ਕੁਝ ਦੇਰ ਬਾਅਦ ਇਕਵੇਰੀਅਮ ਵਿੱਚ ਸਿਰਫ਼ ਇੱਕ ਹੀ ਮੱਛੀ ਤੈਰ ਰਹੀ ਸੀl