ਪੰਜਾਬੀ ਅਨੁਵਾਦ: ਜਗਦੀਸ਼ ਰਾਏ ਕੁਲਰੀਆਂ / पंजाबी अनुवाद : जगदीश राय कुलरियाँ
“ਚੱਲ ਪੜ੍ਹ।”
ਤਿੰਨ ਸਾਲਾਂ ਦੀ ਬੱਚੀ ਕਿਤਾਬ ਖੋਲ੍ਹ ਕੇ ਪੜ੍ਹਨ ਲੱਗੀ, “ਅ ਤੋਂ ਅਨਾਲ … ਏ ਤੋਂ ਇਮਲੀ …. “ ਇਕਦਮ ਉਹਨੇ ਪੁੱਛਿਆ, “ਪਾਪਾ, ਏਹ ਅਨਾਲ ਕੀ ਹੁੰਦਾ ਹੈ?”
“ਇਹ ਇਕ ਫਲ ਹੁੰਦਾ ਹੈ, ਬੇਟੇ।” ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ, “ਇਹਦੇ ਵਿਚ ਲਾਲ-ਲਾਲ ਦਾਣੇ ਹੁੰਦੇ ਹਨ, ਮਿੱਠੇ- ਮਿੱਠੇ।”
“ਪਾਪਾ, ਮੈਂ ਵੀ ਅਨਾਲ ਖਾਵਾਂਗੀ…” ਬੱਚੀ ਪੜ੍ਹਨਾ ਛੱਡ ਕੇ ਜ਼ਿਦ ਜਿਹੀ ਕਰਨ ਲੱਗੀ। ਮੈਂ ਉਹਨੂੰ ਝਿੜਕ ਦਿੱਤਾ, “ਬੈਠ ਕੇ ਪੜ੍ਹ। ਅਨਾਰ ਬਿਮਾਰ ਲੋਕ ਖਾਂਦੇ ਹਨ। ਤੂੰ ਕਿਹੜਾ ਬਿਮਾਰ ਹੈ! ਚਲ ਅੰਗ੍ਰੇਜੀ ਦੀ ਕਿਤਾਬ ਪੜ੍ਹ। ਏ ਫਾੱਰ ਐਪਲ। ਐਪਲ ਮਾਨੇ…।”
ਅਚਾਨਕ ਮੈਨੂੰ ਯਾਦ ਆਇਆ, ਦਵਾਈ ਦੇਣ ਤੋਂ ਬਾਅਦ ਡਾਕਟਰ ਨੇ ਸਲਾਹ ਦਿੱਤੀ ਸੀ – ਪਤਨੀ ਨੂੰ ਸੇਬ ਦਿਓ, ਸੇਬ!
ਸੇਬ!
ਅਤੇ ਮੈਂ ਮਨ ਹੀ ਮਨ ਪੈਸਿਆਂ ਦਾ ਹਿਸਾਬ ਲਗਾਉਣ ਲੱਗਿਆ ਸੀ। ਸਬਜੀ ਵੀ ਖਰੀਦਣੀ ਸੀ। ਦਵਾਈ ਲੈਣ ਮਗਰੋਂ ਜਿਹੜੇ ਪੈਸੇ ਬਚੇ ਸਨ, ਉਹਨਾਂ ਵਿਚ ਇਕ ਟੈਮ੍ਹ ਦੀ ਸਬਜੀ ਹੀ ਆ ਸਕਦੀ ਸੀ। ਬਹੁਤ ਦੇਰ ਸੋਚ ਵਿਚਾਰ ਕਰਨ ਮਗਰੋਂ , ਮੈਂ ਇਕ ਸੇਬ ਤੁਲਾ ਹੀ ਲਿਆ ਸੀ – ਪਤਨੀ ਦੇ ਲਈ।
ਬੱਚੀ ਪੜ੍ਹ ਰਹੀ ਸੀ, “ਏ ਫਾਰ ਐਪਲ… ਐਪਲ ਮਾਨੇ ਸੇਬ…”
“ਪਾਪਾ, ਸੇਬ ਵੀ ਬਿਮਾਲ ਲੋਕ ਖਾਂਦੇ ਹਨ? ਜਿਵੇਂ ਮੰਮੀ?”
ਬੱਚੀ ਦੇ ਇਸ ਸਵਾਲ ਦਾ ਜਵਾਬ ਮੈਥੋਂ ਨਹੀਂ ਦਿੱਤਾ ਗਿਆ । ਬਸ, ਬੱਚੀ ਦੇ ਚਿਹਰੇ ਵੱਲ, ਇਕ ਟਕ ਦੇਖਦਾ ਹੀ ਰਹਿ ਗਿਆ ਸੀ।
ਬੱਚੀ ਨੇ ਕਿਤਾਬ `ਚ ਬਣੇ ਸੇਬ ਦੇ ਲਾਲ ਰੰਗ ਦੇ ਚਿੱਤਰ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਪੁੱਛਿਆ, “ਮੈਂ ਕਦੋਂ ਬਿਮਾਲ ਹੋਵਾਂਗੀ, ਪਾਪਾ?”
-0-