अनुवाद; योगराज प्रभाकर
1-हैसियत / ਹੈਸੀਅਤ
ਓਹ ਦੋਵੇਂ ਵਪਾਰੀ ਸਨ। ਦੋਵੇਂ ਮਾਲਦਾਰ ਸਨ। ਸਬਬ ਨਾਲ ਦੋਹਾਂ ਦਾ ਨਾਂ ਸੁਭਾਸ਼ ਸੀ। ਇਸ ਵੇਲੇ ਦੋਵੇਂ ਇੱਕੋ ਗੱਡੀ ’ਚ ਬੈਠੀਂ ਕਿਧਰੇ ਜਾ ਰਹੇ ਸਨ। ਸੁਭਾਸ਼ ਨੰਬਰ ਦੋ ਗੱਡੀ ਚਲਾ ਰਿਹਾ ਸੀ, ਸੁਭਾਸ਼ ਨੰਬਰ ਇੱਕ ਉਸਦੇ ਨਾਲ ਬੈਠਾ ਸੀ। ਗੱਡੀ ਇੱਕ ਗਲੀ ਚੋਂ ਲੰਘ ਰਹੀ ਸੀ ਕਿ ਇੱਕ ਔਰਤ ਦੀ ਸੰਬੋਧਨ ਜਿਹੀ ਅਵਾਜ਼ ਆਈ,
“ਭਾਸ਼ੀ… ਓ ਭਾਸ਼ੀ!’
ਸੁਭਾਸ਼ ਨੰਬਰ ਦੋ ਨੂੰ ਲਗਿਆ ਕਿ ਕਿਸੇ ਨੇ ਉਨ੍ਹਾਂ ਦੋਹਵਾਂ ਚੋ ਹੀ ਕਿਸੇ ਨੂੰ ਅਵਾਜ਼ ਮਾਰੀ ਹੈ। ਉਸਨੇ ਇੱਧਰ-ਉੱਧਰ ਤੱਕਿਆ ਤਾਂ ਸੁਭਾਸ਼ ਨੰਬਰ ਇੱਕ ਨੇ ਹੌਲੀ ਜਿਹੇ ਉਸਨੂੰ ਕਿਹਾ,
“ਗੱਡੀ ਤੇਜ਼ ਚਲਾ, ਛੇਤੀ ਨਿੱਕਲ ਇਸ ਗਾਲੀ ਚੋਂ।“
ਕੁੱਝ ਦੇਰ ਮਗਰੋਂ ਗੱਡੀ ਸੜਕ ਤੇ ਸੀ। ਰੁਮਾਲ ਨਾਲ ਮਾਥਾ ਪੂੰਝਦਿਆਂ ਸੁਭਾਸ਼ ਨੰਬਰ ਇੱਕ ਨੇ ਦੱਸਿਆ,
“ਪਾਗਲ ਜਨਾਨੀ! ਮੇਰੇ ਨਾਲ ਸਕੂਲ ’ਚ ਪੜ੍ਹਦੀ ਹੁੰਦੀ ਸੀ। ਉਦੋਂ ਤੋਂ ਹੀਂ ਮੈਨੂੰ ਭਾਸ਼ੀ ਕਹਿੰਦੀ ਹੈ। ਐਨੀ ਉਮਰ ਹੋ ਗਈ, ਪਰ ਇਹਨੂੰ ਅਕਲ ਣੀ ਆਈ। ਜਿੱਥੇ ਭੀ ਦਿਸ ਜਾਵਾਂ, ਐਦਾਂ ਹੀ ਬੁਲਾਉਂਦੀ ਹੈ। ਜਦੋਂ ਕਿ ਇਹ ਜਾਣਦੀ ਹੈ ਕਿ ਸਮਾਜ ਵਿੱਚ ਮੇਰਾ ਕੀ ਰੁਤਬਾ ਹੈ। ਤੈਨੂੰ ਤਾਂ ਪਤਾ ਈ ਐ ਕਿ ਵਪਾਰ ਮੰਡਲ ਦਾ ਪ੍ਰਧਾਨ ਹੋਣ ਦੇ ਨਾਤੇ ਅਖਬਾਰਾਂ ’ਚ ਰੋਜ਼ ਮੇਰੇ ਬਿਆਨ ਛਪਦੇ ਹਨ, ਮਨਿਸਟਰਾਂ ਨਾਲ ਫੋਟੋਆਂ ਛਪਦੀਆਂ ਹਨ। ਪਰ ਇਹ…? ਬੇਅਕਲਾਂ ਵਾਂਗੂੰ… ਭਾਸ਼ੀ…ਭਾਸ਼ੀ… ਭਾਸ਼ੀ… ਹੂੰਹ!”
ਸੁਭਾਸ਼ ਨੰਬਰ ਦੋ ਕੁੱਝ ਦੇਰ ਤੱਕ ਉਸਦੇ ਚਿਹਰੇ ਵੱਲ ਤੱਕਦਾ ਰਿਹਾ। ਫੇਰ ਬੋਲਿਆ,
“ਕਾਸ਼! ਮੈਨੂੰ ਵੀ ਕੋਈ ਇੰਜ ਹੀ ਭਾਸ਼ੀ ਕਹਿ ਕੇ ਬੁਲਾਉਂਦਾ!”
***
2-बहू /ਵਹੁਟੀ
“ਮੈਂ ਤੈਥੋਂ ਬਹੁਤ ਨਰਾਜ ਆਂ ਪੁੱਤਰ।”
”ਕਿਉਂ ਦਾਦੀ, ਕੀ ਗ਼ਲਤੀ ਹੋ ਗਈ ਮੈਥੋਂ?”
“ਆਖਰੀ ਵਕ਼ਤ ਵੀ ਤੂੰ ਆਪਣੇ ਦਾਦੇ ਦਾ ਮੂੰਹ ਨੀ ਵਿਖਾਇਆ ਮੈਨੂੰ।”
ਦਾਦਾ ਜੀ ਦੀ ਮੌਤ ਤੋਂ ਵੀਹ-ਪੰਝੀ ਦਿਨ ਬਾਅਦ ਦਾਦੀ ਉਹਨੂੰ ਉਲਾਂਭਾ ਦੇ ਰਹੀ ਸੀ। ਅੰਤਮ ਸੰਸਕਾਰ ਲਈ ਲਿਜਾਣ ਤੋਂ ਪਹਿਲਾਂ ਸਭੇ ਤਾਂ ਦਾਦਾ ਜੀ ਦਾ ਮੂੰਹ ਵੇਖ ਰਹੇ ਸਨ। ਪਰ ਓਹਨੂੰ ਇਹ ਯਾਦ ਹੀ ਨਹੀਂ ਕਿ ਦਾਦੀ ਮੂੰਹ ਵੇਖਣ ਨਹੀਂ ਆਈ ਸੀ। ਮੂੰਹ ਵੇਖਣਾ ਸੀ ਤੇ ਆ ਜਾਂਦੀ, ਉਹਨੂੰ ਕਿਸੇ ਨੇ ਰੋਕਿਆ ਸੀ?
ਓਹਨੇ ਕਿਹਾ,
“ਤੁਸੀਂ ਆਏ ਕਿਉਂ ਨੀ ਦਾਦੀ ਜੀ, ਸਾਰੇ ਤਾ ਆਏ ਸੀ, ਤੁਸੀਂ ਵੀ…”
“ਵੇ ਫੋਟ! ਸਾਰਾ ਪਿੰਡ ਬੈਠਾ ਸੀ ਵਿਹੜੇ ’ਚ। ਕਿਵੇਂ ਆ ਜਾਂਦੀ ਸਾਰਿਆਂ ਦੇ ਸਾਹਮਣੇ? ਏਸ ਪਿੰਡ ਦੀ ਵਹੁਟੀ ਆਂ ਮੈਂ! ਲੋਕ ਕੀ ਕਹਿੰਦੇ- ਸੱਤਰ ਨਾਲ ਨਾਲ ਰਹੀ, ਫੇਰ ਵੀ ਢਿੱਡ ਨੀ ਭਰਿਆ ਬੁੜ੍ਹੀ ਦਾ। ਲੋਕ ਹੱਸਦੇ ਨਾ? ਹਾਂ… ਜੇ ਤੂੰ ਹੱਥ ਫੜ ਕੇ ਲਈ ਜਾਂਦਾ ਤਾਂ ਹੋਰ ਗੱਲ ਸੀ…”
ਦਾਦੀ ਦੀ ਅੱਖਾਂ ਦੀਆਂ ਸਿੱਪੀਆਂ ’ਚ ਕ਼ੈਦ ਮੋਤੀਆਂ ਵਿੱਚ ਓਹ ਸੱਜਰੀ ਵਿਆਹੀ ਵਹੁਟੀ ਵੇਖ ਰਿਹਾ ਸੀ।
***
3-बीसवाँ कोड़ा ।ਵੀਹਵਾਂ ਕੋਰੜਾ
ਰਾਜਕੁਮਾਰ ਆਪਣੇ ਚਿੱਟੇ ਕਬੂਤਰ ਦੇ ਮਗਰ ਭੱਜਦਿਆਂ ਕਦੋਂ ਛੋਟੀ ਰਾਣੀ ਦੇ ਮਹਿਲ ਵਿੱਚ ਜਾ ਵੜਿਆ, ਉਸਨੂੰ ਪਤਾ ਹੀ ਨਹੀਂ ਲੱਗਿਆ। ਰਾਜੇ ਤੋਂ ਇਲਾਵਾ ਕਿਸੇ ਪੰਛੀ ਤੱਕ ਨੂੰ ਵੀ ਰਾਣੀ ਦੇ ਮਹਿਲ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ; ਪਰ ਇੱਥੇ ਸਿਰਫ਼ ਪੰਛੀ ਹੀ ਨਹੀਂ, ਸਗੋਂ ਪੰਛੀ ਦਾ ਮਾਲਕ ਰਾਜਕੁਮਾਰ ਵੀ ਮਹਿਲ ਵਿੱਚ ਦਾਖ਼ਲ ਹੋ ਗਿਆ ਸੀ। ਰਾਜਕੁਮਾਰ ਦੋਸ਼ੀ ਸੀ, ਇਸ ਲਈ ਕਾਨੂੰਨ ਮੁਤਾਬਕ ਉਸ ਨੂੰ ਸਜ਼ਾ ਦੇਣੀ ਲਾਜ਼ਮੀ ਸੀ। ਰਾਜਕੁਮਾਰ ਨੂੰ ਵੀਹ ਕੋਰੜਿਆਂ ਦੀ ਸਜ਼ਾ ਸੁਣਾਈ ਗਈ ਸੀ। ਪਰ ਇੱਕ ਤਾਂ ਰਾਜਕੁਮਾਰ, ਉੱਤੋਂ ਨਾਬਾਲਗ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਕਿ ਉਸ ਨੂੰ ਪ੍ਰਤੀਕਾਤਮਕ ਸਜ਼ਾ ਦਿੱਤੀ ਜਾਵੇਗੀ।
ਇਸ ਲਈ ਬਿਲਕੁਲ ਰਾਜਕੁਮਾਰ ਵਰਗਾ ਰੂੰ ਦਾ ਇੱਕ ਪੁਤਲਾ ਬਣਾਇਆ ਗਿਆ ਸੀ। ਪੁਤਲਾ ਦਰਬਾਰ ’ਚ ਰੱਖ ਦਿੱਤਾ ਗਿਆ। ਸਿਪਾਹੀਆਂ ਨੂੰ ਹੁਕਮ ਹੋਇਆ ਕਿ ਉਹ ਵਾਰੀ-ਵਾਰੀ ਇੱਕ-ਇੱਕ ਕੋਰੜਾ ਪੁਤਲੇ ਦੇ ਮਾਰਨ। ਕੋਰੜੇ ਮਾਰਨ ਦਾ ਅਮਲ ਸ਼ੁਰੂ ਹੋ ਗਿਆ। ਉੰਨੀ ਕੋਰੜੇ ਮਾਰ ਦਿੱਤੇ ਗਏ ਸਨ। ਇਸ ਦੌਰਾਨ ਅਦਾਲਤ ‘’ਚ ਮੌਜੂਦ ਰਾਜਕੁਮਾਰ ਇਹ ਤਮਾਸ਼ਾ ਦੇਖ ਕੇ ਲਗਾਤਾਰ ਮੁਸਕਰਾਉਂਦਾ ਰਿਹਾ ਸੀ। ਹੁਣ ਵੀਹਵਾਂ ਕੋਰੜਾ ਬਾਕੀ ਸੀ। ਸਿਪਾਹੀ ਨੇ ਕੋਰੜਾ ਚੁੱਕ ਕੇ ਪੁਤਲੇ ਦੀ ਪਿੱਠ ‘ਤੇ ਮਾਰਿਆ। ਪਰ ਇਹ ਕੀ ਹੈ? ਰੂੰ ਦਾ ਪੁਤਲਾ ਤਾਂ ਖੇਰੂੰ-ਖੇਰੂੰ ਹੋ ਗਿਆ ਸੀ, ਮੁਸਕਰਾਉਂਦਾ ਹੋਇਆ ਰਾਜਕੁਮਾਰ ਅਚਾਨਕ ਚੀਕਿਆ ਅਤੇ ਉਹ ਦਰਦ ਨਾਲ ਦੂਹਰਾ ਹੋ ਗਿਆ। ਰਾਜਾ ਅਤੇ ਸਾਰੇ ਦਰਬਾਰੀ ਰਾਜਕੁਮਾਰ ਦੇ ਦੁਆਲੇ ਇਕੱਠੇ ਹੋ ਗਏ ਸਨ। ਰਾਜਕੁਮਾਰ ਦੀ ਪਿੱਠ ‘ਤੇ ਵੀ ਬਿਲਕੁਲ ਉਹੋ-ਜਿਹੀ ਹੀ ਲਾਸ ਬਣੀ ਹੋਈ ਸੀ, ਜਿਵੇਂ ਕੋਰੜਾ ਵੱਜਣ ਨਾਲ ਬਣਦੀ ਹੈ। ਉਸ ਲਾਸ ਵਿੱਚੋਂ ਖੂਨ ਰਿਸ ਰਿਹਾ ਸੀ। ਵਜ਼ੀਰ ਨੇ ਸਾਰਾ ਮਾਮਲਾ ਸਮਝ ਲਿਆ ਅਤੇ ਤੁਰੰਤ ਸਿਪਾਹੀ ਨੂੰ ਹੁਕਮ ਦਿੱਤਾ ਕਿ ਉਹ ਵੀਹਵਾਂ ਕੋਰੜਾ ਮਾਰਨ ਵਾਲੇ ਸਿਪਾਹੀ ਨੂੰ ਹੱਥਕੜੀ ਲਗਾ ਦੇਵੇ।
ਵਜ਼ੀਰ ਨੇ ਹਥਕੜੀ ’ਚ ਨੂੜੇ ਹੋਏ ਸਿਪਾਹੀ ਨੂੰ ਗਰਜ ਕੇ ਕਿਹਾ,
“ਸਜ਼ਾ ਵਜੋਂ ਕੋਰੜੇ ਮਾਰਨਾ ਤੇਰਾ ਫਰਜ਼ ਸੀ, ਪਰ ਤੂੰ ਆਪਣਾ ਫਰਜ਼ ਨਹੀਂ ਨਿਭਾਇਆ। ਤੈਨੂੰ ਸ਼ਹਿਜ਼ਾਦੇ ਨਾਲ ਸਖਤ ਨਫ਼ਰਤ ਸੀ, ਇਸ ਲਈ ਕੋਰੜੇ ਦੀ ਸੱਟ ਸਿੱਧੀ ਰਾਜਕੁਮਾਰ ਦੀ ਪਿੱਠ ‘ਤੇ ਵੱਜੀ। ਦੱਸ, ਰਾਜਕੁਮਾਰ ਨਾਲ ਤੇਰੀ ਕੀ ਦੁਸ਼ਮਣੀ ਹੈ?”
ਸਿਪਾਹੀ ਨੇ ਆਲੇ-ਦੁਆਲੇ ਦੇਖਿਆ, ਸਾਰੇ ਸਿਪਾਹੀ ਸਿਰ ਝੁਕਾ ਕੇ ਖੜ੍ਹੇ ਸਨ। ਠਰ੍ਹਮੇ ਨਾਲ ਵਜ਼ੀਰ ਦੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ,
“ਮੇਰੀ ਰਾਜਕੁਮਾਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਦਰਅਸਲ ਇਸ ਰਿਆਸਤ ਵਿੱਚ ਨੌਜਵਾਨਾਂ ਨੂੰ ਬਲਦ ਦੀ ਜਗ੍ਹਾ ਕੋਹਲੂ ’ਚ ਜੋੜ ਦਿੱਤਾ ਜਾਂਦਾ ਹੈ। ਕੋਹਲੂ ’ਚ ਜੁੜਿਆ ਕੋਈ ਨੌਜਵਾਨ ਜੇਕਰ ਸਾਹ ਲੈਣ ਲਈ ਰੁਕ ਜਾਵੇ ਤਾਂ ਉਸਦੀ ਪਿੱਠ ਤੇ ਕੋਰੜੇ ਮਾਰੇ ਜਾਂਦੇ ਹਨ। ਕੋਹਲੂ ਵਾਹੁਣ ਵਾਲੇ ਨੌਜਵਾਨਾਂ ’ਚ ਇੱਕ ਮੇਰਾ ਪੁੱਤਰ ਵੀ ਹੈ। ਹਰ ਰੋਜ਼ ਰਾਤ ਨੂੰ ਜਦੋਂ ਉਹ ਘਰ ਆਉਂਦਾ ਹੈ, ਮੈਂ ਉਸ ਦੀ ਪਿੱਠ ‘ਤੇ ਲਾਸਾਂ ਦੇਖਦਾ ਹਾਂ ਜਿਨ੍ਹਾਂ ‘ਚੋਂ ਲਹੂ ਸਿੱਮ ਰਿਹਾ ਹੁੰਦਾ ਹੈ। ਅੱਜ ਜਦੋਂ ਮੈਂ ਪੁਤਲੇ ਦੇ ਕੋਰੜਾ ਮਰਿਆ ਤਾਂ ਮੱਲੋਮੱਲੀ ਮੈਨੂੰ ਆਪਣੇ ਪੁੱਤਰ ਦੀ ਪਿੱਠ ਯਾਦ ਆ ਗਈ।”
***